ਤੁਹਾਡੇ ਲਈ ਆਪਣੀ ਸਿਹਤ ਦੇ ਨਿਯਮਿਤ ਚੈੱਕ-ਅੱਪ ਲਈ ਡਾਕਟਰ ਨੂੰ ਮਿਲਣਾ ਮਹੱਤਵਪੂਰਨ ਹੈ ਤਾਂ ਜੋ ਤੁਸੀਂ ਕਿਸੇ ਵੀ ਬਿਮਾਰੀ ਨੂੰ ਸ਼ੁਰੂ ਵਿੱਚ ਹੀ ਲੱਭ ਕੇ ਉਸਦਾ ਇਲਾਜ ਕਰਵਾ ਸਕੋ। ਸਾਲ ਵਿੱਚ ਇੱਕ ਵਾਰ ਸਧਾਰਨ ਚੈੱਕ-ਅੱਪ ਕਰਵਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜੇਕਰ ਤੁਹਾਨੂੰ ਕਿਸੇ ਖ਼ਾਸ ਬਿਮਾਰੀ ਜਾਂ ਸਮੱਸਿਆ ਦੇ ਹੋਣ ਦਾ ਜ਼ਿਆਦਾ ਖ਼ਤਰਾ ਹੈ, ਤਾਂ ਤੁਹਾਨੂੰ ਕੁੱਝ ਟੈਸਟ ਜ਼ਿਆਦਾ ਵਾਰ ਕਰਵਾਉਣ ਦੀ ਲੋੜ ਪੈ ਸਕਦੀ ਹੈ।
ਦਿਲ ਦੀ ਜਾਂਚ
ਕਾਰਡੀਓਵੈਸਕੁਲਰ ਬਿਮਾਰੀ ਆਸਟ੍ਰੇਲੀਆਈ ਔਰਤਾਂ ਲਈ ਮੌਤ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਹੋ ਸਕਦਾ ਹੈ ਕਿ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਹਾਨੂੰ ਦਿਲ ਦੀ ਬਿਮਾਰੀ ਹੋ ਰਹੀ ਹੈ, ਇਸ ਲਈ ਨਿਯਮਤ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ।
45 ਸਾਲ ਦੀ ਉਮਰ ਤੋਂ (ਜਾਂ ਐਬੌਰਿਜ਼ਨਲ ਜਾਂ ਟੋਰ੍ਰਸ ਸਟ੍ਰੇਟ ਆਈਲੈਂਡਰ ਔਰਤਾਂ ਲਈ 35 ਸਾਲ ਦੀ ਉਮਰ ਤੋਂ) ਹਰ ਦੋ ਸਾਲ ਬਾਅਦ ਦਿਲ ਦੀ ਸਿਹਤ ਜਾਂਚ ਕਰਵਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਤੁਹਾਡਾ ਡਾਕਟਰ ਤੁਹਾਡੇ ਬਲੱਡ ਪ੍ਰੈਸ਼ਰ ਅਤੇ ਤੁਹਾਡੇ ਕੋਲੇਸਟ੍ਰੋਲ ਅਤੇ ਖ਼ੂਨ ਵਿੱਚ ਸ਼ੂਗਰ ਦੇ ਪੱਧਰਾਂ ਦੀ ਜਾਂਚ ਕਰੇਗਾ। ਉਹ ਤੁਹਾਡੇ ਪਰਿਵਾਰ ਅਤੇ ਡਾਕਟਰੀ ਇਤਿਹਾਸ (ਜਿਵੇਂ ਕਿ ਖ਼ੁਰਾਕ, ਕਸਰਤ, ਸਿਗਰਟਨੋਸ਼ੀ ਅਤੇ ਸ਼ਰਾਬ) ਬਾਰੇ ਵੀ ਸਵਾਲ ਪੁੱਛਣਗੇ ਜੋ ਤੁਹਾਡੇ ਦਿਲ ਦੀ ਬਿਮਾਰੀ ਦੇ ਜ਼ੋਖਮ ਨੂੰ ਵਧਾ ਸਕਦੇ ਹਨ।
ਸ਼ੂਗਰ ਰੋਗ ਦੀ ਜਾਂਚ (ਡਾਇਬੀਟੀਜ਼ ਸਕ੍ਰੀਨਿੰਗ)
ਸ਼ੂਗਰ ਰੋਗ ਇੱਕ ਗੰਭੀਰ ਬਿਮਾਰੀ ਹੈ ਜਿੱਥੇ ਖ਼ੂਨ ਵਿੱਚ ਗਲੂਕੋਜ਼ (ਸ਼ੂਗਰ) ਆਮ ਨਾਲੋਂ ਵੱਧ ਹੁੰਦਾ ਹੈ। ਇਹ ਸਮੇਂ ਦੇ ਨਾਲ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਤੁਹਾਨੂੰ ਬਿਨਾਂ ਕਿਸੇ ਲੱਛਣ ਦੇ ਟਾਈਪ 2 ਸ਼ੂਗਰ ਰੋਗ ਹੋ ਸਕਦਾ ਹੈ। ਜੇਕਰ ਤੁਹਾਡੇ ਵਿੱਚ ਟਾਈਪ 2 ਸ਼ੂਗਰ ਰੋਗ ਹੋਣ ਦੇ ਜ਼ੋਖਮ ਕਾਰਕ ਹਨ, ਜਿਵੇਂ ਕਿ ਇਸ ਬਿਮਾਰੀ ਦਾ ਪਰਿਵਾਰਕ ਇਤਿਹਾਸ ਜਾਂ ਹਾਈ ਬਲੱਡ ਪ੍ਰੈਸ਼ਰ, ਤਾਂ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਤੁਹਾਨੂੰ ਕਿੰਨੇ ਕੁ ਸਮੇਂ ਬਾਅਦ ਟੈਸਟ ਕਰਵਾਉਣਾ ਚਾਹੀਦਾ ਹੈ।
ਹੱਡੀਆਂ ਦੀ ਸਿਹਤ ਦੀ ਜਾਂਚ
ਓਸਟੀਓਪੋਰੋਸਿਸ ਇੱਕ ਅਜਿਹੀ ਬਿਮਾਰੀ ਹੈ ਜਿਸ ਕਾਰਨ ਹੱਡੀਆਂ ਘੱਟ ਸੰਘਣੀਆਂ ਹੋ ਜਾਂਦੀਆਂ ਹਨ, ਤਾਕਤ ਘੱਟ ਜਾਂਦੀ ਹੈ ਅਤੇ ਆਸਾਨੀ ਨਾਲ ਟੁੱਟ ਜਾਂਦੀਆਂ ਹਨ। ਮਾਹਵਾਰੀ ਬੰਦ ਹੋਣ (ਮੀਨੋਪੌਜ਼) ਤੋਂ ਬਾਅਦ, ਤੁਹਾਡੀ ਹੱਡੀਆਂ ਦੀ ਘਣਤਾ ਘੱਟ ਜਾਂਦੀ ਹੈ। ਤੁਹਾਡਾ ਡਾਕਟਰ 45 ਸਾਲ ਦੀ ਉਮਰ ਤੋਂ ਸਾਲ ਵਿੱਚ ਇੱਕ ਵਾਰ ਹੱਡੀਆਂ ਦੀ ਸਿਹਤ ਜਾਂਚ ਕਰਵਾਉਣ ਦੀ ਸਿਫ਼ਾਰਸ਼ ਕਰ ਸਕਦਾ ਹੈ। ਤੁਹਾਨੂੰ ਓਸਟੀਓਪੋਰੋਸਿਸ ਹੋਣ ਦੇ ਜ਼ੋਖਮ 'ਤੇ ਨਿਰਭਰ ਕਰਦਿਆਂ, ਉਹ ਤੁਹਾਨੂੰ ਹਰ ਦੋ ਸਾਲਾਂ ਵਿੱਚ ਹੱਡੀਆਂ ਦੀ ਘਣਤਾ ਦਾ ਸਕੈਨ (DXA) ਕਰਵਾਉਣ ਦਾ ਸੁਝਾਅ ਵੀ ਦੇ ਸਕਦੇ ਹਨ।
ਛਾਤੀ ਦੀ ਜਾਂਚ ਅਤੇ ਸਕ੍ਰੀਨਿੰਗ
ਛਾਤੀ ਦੇ ਕੈਂਸਰ ਦਾ ਜਲਦੀ ਪਤਾ ਲੱਗਣ ਨਾਲ ਸਫ਼ਲ ਇਲਾਜ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਸਵੈ-ਜਾਂਚ
ਇਹ ਜਾਣੋ ਕਿ ਤੁਹਾਡੀਆਂ ਛਾਤੀਆਂ ਕਿਹੋ ਜਿਹੀਆਂ ਦਿਖਾਈ ਦਿੰਦੀਆਂ ਹਨ ਅਤੇ ਕਿਵੇਂ ਦੀਆਂ ਮਹਿਸੂਸ ਹੁੰਦੀਆਂ ਹਨ। ਹਰ ਮਹੀਨੇ ਉਨ੍ਹਾਂ ਦੀ ਜਾਂਚ ਕਰੋ ਅਤੇ ਜੇਕਰ ਤੁਸੀਂ ਕੋਈ ਅਸਾਧਾਰਨ ਤਬਦੀਲੀਆਂ ਦੇਖਦੇ ਹੋ (ਜਿਵੇਂ ਕਿ ਗੰਢ ਜਾਂ ਮੋਟਾ ਟਿਸ਼ੂ) ਤਾਂ ਆਪਣੇ ਡਾਕਟਰ ਨੂੰ ਮਿਲੋ।
ਛਾਤੀ ਦੇ ਕੈਂਸਰ ਦੀ ਸਕ੍ਰੀਨਿੰਗ ਲਈ ਮੈਮੋਗ੍ਰਾਮ
50 ਅਤੇ 74 ਸਾਲ ਦੀ ਉਮਰ ਦੇ ਵਿਚਕਾਰ ਹਰ ਦੋ ਸਾਲਾਂ ਵਿੱਚ ਇੱਕ ਮੁਫ਼ਤ ਸਕ੍ਰੀਨਿੰਗ ਮੈਮੋਗ੍ਰਾਮ (ਛਾਤੀਆਂ ਦਾ ਐਕਸ-ਰੇ) ਕਰਵਾਓ। ਮੈਮੋਗ੍ਰਾਮ ਬਾਰੇ ਵਧੇਰੇ ਜਾਣਕਾਰੀ ਲਈ, ਜਾਂ ਆਪਣੇ ਨੇੜੇ ਦੇ ਸਕ੍ਰੀਨਿੰਗ ਸਥਾਨ ਨੂੰ ਲੱਭਣ ਲਈ, BreastScreen Australia (ਬ੍ਰੈਸਟਸਕਰੀਨ ਆਸਟ੍ਰੇਲੀਆ) ਨੂੰ 13 20 50 'ਤੇ ਸੰਪਰਕ ਕਰੋ।
ਵੱਡੀ ਅੰਤੜੀ ਦੀ ਜਾਂਚ
ਵੱਡੀ ਅੰਤੜੀ ਦਾ ਕੈਂਸਰ ਇੱਕ ਆਮ ਕੈਂਸਰ ਹੈ। ਜੇਕਰ ਜਲਦੀ ਪਤਾ ਲੱਗ ਜਾਵੇ, ਤਾਂ ਸਿਹਤਮੰਦ ਹੋਣ ਦੀ ਦਰ ਚੰਗੀ ਹੈ। ਜੇਕਰ ਤੁਹਾਡੀ ਉਮਰ 50 ਅਤੇ 74 ਸਾਲ ਦਰਮਿਆਨ ਹੈ, ਤਾਂ 'ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ' ਤੁਹਾਨੂੰ ਹਰ ਦੋ ਸਾਲਾਂ ਵਿੱਚ ਇੱਕ ਮੁਫ਼ਤ ਟੈਸਟ ਕਿੱਟ ਭੇਜੇਗਾ। ਘਰ ਵਿੱਚ ਨਮੂਨਾ ਲੈਣ ਲਈ ਹਿਦਾਇਤਾਂ ਦੀ ਪਾਲਣਾ ਕਰੋ, ਫਿਰ ਇਸਨੂੰ ਜਾਂਚ ਲਈ ਡਾਕ ਰਾਹੀਂ ਭੇਜੋ। ਵਧੇਰੇ ਜਾਣਕਾਰੀ ਲਈ, National Bowel Cancer Screening Program (ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ) ਨਾਲ 1800 627 701 'ਤੇ ਸੰਪਰਕ ਕਰੋ।
ਦਿਮਾਗੀ ਸਿਹਤ
ਜੇਕਰ ਤੁਹਾਨੂੰ ਤੀਬਰ ਉਦਾਸੀ, ਚਿੜਚਿੜਾਪਨ, ਥਕਾਵਟ, ਚਿੰਤਾ ਜਾਂ ਨੀਂਦ ਦੀਆਂ ਸਮੱਸਿਆਵਾਂ ਵਰਗੇ ਲੱਛਣ ਹਨ, ਤਾਂ ਜਿੰਨੀ ਜਲਦੀ ਹੋ ਸਕੇ ਆਪਣੇ ਡਾਕਟਰ ਨਾਲ ਗੱਲ ਕਰੋ। ਜੇਕਰ ਤੁਸੀਂ ਜੀਵਨ ਜਾਂ ਸਰੀਰਕ ਸੰਬੰਧ ਰੱਖਣ ਵਾਲੇ ਸਾਥੀ ਵੱਲੋਂ ਹਿੰਸਾ ਦਾ ਅਨੁਭਵ ਕਰ ਰਹੇ ਹੋ ਅਤੇ ਤੁਹਾਨੂੰ ਸਹਾਇਤਾ ਦੀ ਲੋੜ ਹੈ, 1800 RESPECT (1800 737 732) 'ਤੇ ਫ਼ੋਨ ਕਰੋ।
ਸਰਵਾਈਕਲ ਸਕ੍ਰੀਨਿੰਗ ਟੈਸਟ
ਬੱਚੇਦਾਨੀ ਦਾ (ਸਰਵਾਈਕਲ) ਕੈਂਸਰ ਸਭ ਤੋਂ ਵੱਧ ਰੋਕਥਾਮ ਕੀਤੇ ਜਾ ਸਕਣ ਵਾਲੇ ਕੈਂਸਰਾਂ ਵਿੱਚੋਂ ਇੱਕ ਹੈ। ਸਰਵਾਈਕਲ ਸਕ੍ਰੀਨਿੰਗ ਟੈਸਟ ਮਨੁੱਖੀ ਪੈਪੀਲੋਮਾ ਵਾਇਰਸ (HPV) ਲਈ ਤੁਹਾਡੇ ਬੱਚੇਦਾਨੀ ਦੇ ਮੂੰਹ ਦੀ ਜਾਂਚ ਕਰਦਾ ਹੈ, ਜੋ ਜ਼ਿਆਦਾਤਰ ਸਰਵਾਈਕਲ ਕੈਂਸਰਾਂ ਦਾ ਕਾਰਨ ਬਣਦਾ ਹੈ। ਬੱਚੇਦਾਨੀ ਦੇ ਕੈਂਸਰ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਭ ਤੋਂ ਵਧੀਆ ਤਰੀਕਾ ਬਕਾਇਦਾ ਸਰਵਾਈਕਲ ਸਕ੍ਰੀਨਿੰਗ ਕਰਵਾਉਣਾ ਹੈ। ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ 25 ਤੋਂ 74 ਸਾਲ ਦੀ ਉਮਰ ਦਰਮਿਆਨ ਹਰ ਪੰਜ ਸਾਲਾਂ ਵਿੱਚ ਇੱਕ ਟੈਸਟ ਕਰੋ। ਵਧੇਰੇ ਜਾਣਕਾਰੀ ਲਈ, National Cervical Screening Program (ਰਾਸ਼ਟਰੀ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ) ਨਾਲ 1800 627 701 'ਤੇ ਸੰਪਰਕ ਕਰੋ।
ਸਰੀਰਕ ਸੰਬੰਧਾਂ ਰਾਹੀਂ ਫ਼ੈਲਣ ਵਾਲੀ ਲਾਗ (STI) ਲਈ ਸਕ੍ਰੀਨਿੰਗ
ਜੇਕਰ ਤੁਸੀਂ ਜਿਨਸੀ ਤੌਰ 'ਤੇ ਸਰਗਰਮ ਹੋ, ਖ਼ਾਸਕਰ ਜੇਕਰ ਤੁਸੀਂ ਬਗ਼ੈਰ ਕਿਸੇ ਸੁਰੱਖਿਆ (ਜਿਵੇਂ ਕਿ ਕੰਡੋਮ) ਦੇ ਸੰਭੋਗ ਕਰਦੇ ਹੋ, ਤਾਂ ਤੁਹਾਨੂੰ STI ਹੋ ਸਕਦੀ ਹੈ। ਕੁੱਝ ਕੁ STIs ਵਿੱਚ ਸਪੱਸ਼ਟ ਲੱਛਣ ਨਹੀਂ ਹੁੰਦੇ, ਜਦੋਂ ਕਿ ਬਾਕੀ ਦੀਆਂ (ਜਿਵੇਂ ਕਿ ਕਲੈਮੀਡੀਆ ਜਾਂ ਗੋਨੋਰੀਆ) ਤੁਹਾਡੀ ਸਿਹਤ ਅਤੇ ਜਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਤੁਹਾਨੂੰ ਕਿੰਨੇ ਕੁ ਸਮੇਂ ਬਾਅਦ ਟੈਸਟ ਕਰਵਾਉਣਾ ਚਾਹੀਦਾ ਹੈ।
ਗਰਭਵਤੀ ਹੋਣ ਤੋਂ ਪਹਿਲਾਂ ਸਿਹਤ ਜਾਂਚ
ਜੇਕਰ ਤੁਸੀਂ ਗਰਭਵਤੀ ਹੋਣ ਦੀ ਯੋਜਨਾ ਬਣਾ ਰਹੇ ਹੋ, ਤਾਂ ਜਿੰਨਾ ਸੰਭਵ ਹੋ ਸਕੇ ਸਿਹਤਮੰਦ ਹੋਣਾ ਮਹੱਤਵਪੂਰਨ ਹੈ। ਤੁਹਾਡੀ ਆਮ ਸਿਹਤ, ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਦੀਆਂ ਆਦਤਾਂ, ਭਾਰ ਅਤੇ ਟੀਕਾਕਰਨ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਗਰਭਵਤੀ ਹੋਣ ਤੋਂ ਪਹਿਲਾਂ ਸਿਹਤ ਜਾਂਚ ਕਰਵਾਉਣਾ ਇੱਕ ਚੰਗਾ ਵਿਚਾਰ ਹੈ।
ਹੋਰ ਸਿਹਤ ਜਾਂਚਾਂ
ਹੋਰ ਸੰਭਾਵੀ ਸਿਹਤ ਸਮੱਸਿਆਵਾਂ, ਜਿਵੇਂ ਕਿ ਸੁਣਨ, ਚਮੜੀ, ਨਜ਼ਰ ਅਤੇ ਦੰਦਾਂ ਦੀ ਜਾਂਚ ਕਰਨ ਲਈ ਨਿਯਮਤ ਮੁਲਾਕਾਤਾਂ ਕਰਨਾ ਇੱਕ ਚੰਗਾ ਵਿਚਾਰ ਹੈ। ਤੁਸੀਂ ਬਿਮਾਰੀ ਤੋਂ ਬਚਾਉਣ ਲਈ ਨਵੀਨਤਮ ਟੀਕਾਕਰਨਾਂ ਨਾਲ ਵੀ ਅੱਪ-ਟੂ-ਡੇਟ ਰਹਿ ਸਕਦੇ ਹੋ।
ਹੋਰ ਜਾਣਕਾਰੀ
ਵਧੇਰੇ ਜਾਣਕਾਰੀ, ਸਰੋਤਾਂ ਅਤੇ ਹਵਾਲਿਆਂ ਲਈ, 'ਜੀਨ ਹੇਲਸ ਹੈਲਥ ਚੈੱਕਸ' ਵੈੱਬਪੇਜ 'ਤੇ ਜਾਓ।
© 2024 Jean Hailes Foundation. All rights reserved. This publication may not be reproduced in whole or in part by any means without written permission of the copyright owner. Contact: licensing@jeanhailes.org.au